"ਘਟਨਾ"

ਕਾਮਾਗਾਟਾ ਮਾਰੂ ਦੀ "ਘਟਨਾ" ਨੂੰ ਸਿਰਫ ਇਕ ਨਖੱੜਵੀਂ ਘਟਨਾ ਵਜੋਂ ਨਹੀਂ ਲਿਆ ਜਾ ਸਕਦਾ। ਕਾਮਾਗਾਟਾ ਮਾਰੂ ਦੀ ਕਹਾਣੀ ਕੈਨੇਡੀਅਨ ਸਰਕਾਰ ਦੀ ਜਾਣਬੁਝ ਕੇ ਬਣਾਈ ਗਈ ਵਖਿਰਿਆਉਣ ਵਾਲੀ ਨੀਤੀ ਨੂੰ ਦਰਸਾਉਂਦੀ ਹੈ ਜਿਸ ਰਾਹੀਂ ਉਹ ਉਹਨਾਂ ਕੌਮਾਂ ਨੂੰ ਬਾਹਰ ਰਖਣਾ ਚਾਹੁੰਦੀ ਸੀ, ਜਿਹਨਾਂ ਨੂੰ ਉਹ ਕੈਨੇਡਾ ਵਿਚ ਸ਼ਾਮਲ ਹੋਣ ਦੇ ਲਾਇਕ ਨਹੀਂ ਸਮਝਦੀ ਸੀ। ਇਸ ਨੀਤੀ ਦੀ ਸਫਾਈ ਵਿਚ, ਕੈਨੇਡੀਅਨ ਸਰਕਾਰ ਦੀ ਤਰੱਕੀ ਦੇ, 'ਸਭਿਅਤਾ ਅਤੇ ਯੋਗਤਾ' ਕੌਮੀ ਅਤੇ ਨਸਲਵਾਦੀ ਵਿਚਾਰ ਸ਼ਾਮਲ ਸਨ।ਇਹ ਵਿਚਾਰ ਸਾਫ ਦਿਖਾਉਂਦੇ ਸਨ ਕਿ ਕੈਨੇਡਾ ਨੂੰ ਇਕ ''ਗੋਰਿਆਂ ਦਾ ਦੇਸ਼'' ਹੀ ਰਹਿਣਾ ਚਾਹੀਦਾ ਹੈ।
੨੩ ਮਈ, ੧੯੧੪ ਨੂੰ ਹਾਂਗਕਾਂਗ ਤੋਂ ੩੭੬ ਮੁਸਾਫਰਾਂ ਨਾਲ ਲੱਦਿਆ ਜਹਾਜ਼ ਡੋਮਿੰਨੀਅਨ ਕੈਨੇਡਾ ਦੇ ਪੱਛਮੀ ਤੱਟ 'ਤੇ ਵੈਨਕੂਵਰ ਦੀ ਬਰਾਰਡ ਖਾੜੀ ਵਿਚ ਪਹੁੰਚਿਆ। ਜਹਾਜ਼ ਦੇ ਮੁਸਾਫਰ ਜ਼ਿਆਦਾਤਰ ਪੰਜਾਬ ਦੇ ਬ੍ਰਤਾਨਵੀ ਪ੍ਰਜਾ ਸਨ। ਇਹ ਸਾਰੇ ਮੁਸਾਫਰ ਅਣਟੁੱਟ ਸਫਰ ''ਕੰਟਿਨਿਊਇਸ ਪੈਸਿਜ'' ਦੇ ਕਾਨੂੰਨ ਨੂੰ ਚੁਣੌਤੀ ਦੇ ਰਹੇ ਸਨ। ਇਸ ਕਾਨੂੰਨ ਅਨੁਸਾਰ ਹਰ ਇਕ ਆਵਾਸੀ ਨੂੰ, ''ਆਪਣੇ ਜਨਮ ਜਾਂ ਨਾਗਰਿਕਤਾ ਦੇ ਦੇਸ਼ ਤੋਂ ਚੱਲਣ ਤੋਂ ਪਹਿਲਾਂ ਹੀ ਇਕ ਸਿਧੇ (ਅਣਟੁੱਟ) ਸਫਰ ਵਾਲੀ ਟਿੱਕਟ ਖਰੀਦਣਾ ਜ਼ਰੂਰੀ ਸੀ'' ਅਤੇ ਸਿਰਫ ਅਣਟੁੱਟ ਸਫਰ ਰਾਹੀਂ ਹੀ ਆ ਸਕਦੇ ਸਨ।
ਇਹ ਕਾਨੂੰਨ ੧੯੦੮ ਵਿਚ ਲਾਗੂ ਕੀਤਾ ਗਿਆ ਸੀ ਤਾਂ ਜੋ ਕੈਨੇਡਾ ਵਿਚ ਹਿੰਦੋਸਤਾਨੀ ਆਵਾਸੀਆਂ ਦੀ ਗਿਣਤੀ ਘੱਟ ਜਾਵੇ। ਨਤੀਜੇ ਵਜੋਂ, ਅਧਿਕਾਰੀਆਂ ਨੇ ਕਾਮਾਗਾਟਾ ਮਾਰੂ ਦਾ ਜਹਾਜ਼ ਏਥੇ ਘਾਟ 'ਤੇ ਲੱਗਣ ਨਾਂ ਦਿੱਤਾ ਅਤੇ ਆਖਰ ਕਾਰ, ਸਿਰਫ ਵੀਹ ਮੁੜ ਰਹੇ ਨਿਵਾਸੀਆਂ ਨੂੰ ਅਤੇ ਜਹਾਜ਼ ਦੇ ਡਾਕਟਰ ਅਤੇ ਉਸਦੇ ਪਰਿਵਾਰ ਨੂੰ, ਕੈਨੇਡਾ ਵਿਚ ਆਉਣ ਦੀ ਇਜਾਜ਼ਤ ਮਿਲੀ।
ਲੱਗਭੱਗ ਦੋ ਮਹੀਨਿਆਂ ਦੀ ਰੋਕ ਬਾਅਦ, ੨੩ ਜੁਲਾਈ, ੧੯੧੪ ਨੂੰ, ਕੈਨੇਡਾ ਦੀ ਨੇਵੀ ਦੇ ਪਹਿਰੇ ਹੇਠ ਬੰਦਰਗਾਹ ਵਿੱਚੋਂ ਜਹਾਜ਼ ਨੂੰ ਬੱਜ ਬੱਜ, ਹਿੰਦੋਸਤਾਨ ਜਾਣ ਲਈ ਮਜਬੂਰ ਕੀਤਾ ਗਿਆ ਜਿਥੇ, ਉਤਰਨ 'ਤੇ ੧੯ ਮੁਸਾਫਰਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਅਤੇ ਹੋਰ ਬਹੁਤੇ ਮੁਸਾਫਰਾਂ ਨੂੰ ਗਰਿਫਤਾਰ ਕੀਤਾ ਗਿਆ।